ਭੰਡਾ ਭੰਡਾਰੀਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਡਾ ਭੰਡਾਰੀਆ (ਨਾਂ,ਪੁ) ਬਾਲਾਂ ਦੀ ਇੱਕ ਖੇਡ ਦਾ ਨਾਂ, ਜਿਸ ਵਿੱਚ ਮੀਟ੍ਹੀ ਲੈਣ ਵਾਲੇ ਬੱਚੇ ਮੀਟ੍ਹੀ ਦੇਣ ਵਾਲੇ ਬੱਚੇ ਦੇ ਸਿਰ ਉੱਤੇ ਹੇਠ ਉੱਪਰ ਮੁੱਠੀਆਂ ਰੱਖਦੇ ਹੋਏ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ ਉਚਾਰਦੇ ਹੋਏ ਖੇਡ ਖੇਡਦੇ ਹਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭੰਡਾ ਭੰਡਾਰੀਆ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭੰਡਾ ਭੰਡਾਰੀਆ : ਬੱਚਿਆਂ ਦੀ ਇਕ ਖੇਡ ਜੋ ਪੂਰਬੀ ਅਤੇ ਪੱਛਮੀ ਦੋਹਾਂ ਪੰਜਾਬਾਂ ਵਿਚ ਪ੍ਰਸਿੱਧ ਹੈ। ਇਹ ਖੇਡ ਪੇਂਡੂ ਅਤੇ ਸ਼ਹਿਰੀ ਬੱਚੇ ਦੋਵੇਂ ਹੀ ਖੇਡਦੇ ਹਨ। ਪਹਿਲਾਂ ਬੱਚੇ ਪੁੱਗਦੇ ਹਨ ਅਤੇ ਜਿਹੜਾ ਬੱਚਾ ਅਖ਼ੀਰ ਵਿਚ ਅਣਪੁਗਿਆ ਰਹਿ ਜਾਂਦਾ ਹੈ ਉਸ ਸਿਰ ਦਾਈ ਆ ਜਾਂਦੀ ਹੈ। ਇਹ ਬੱਚਾ ਬਾਹਵਾਂ ਅੱਗੇ ਫੈਲਾ ਕੇ ਅਤੇ ਗੋਡਿਆਂ ਉੱਤੇ ਸਿਰ ਧਰ ਕੇ ਇਕ ਥਾਂ ਪੈਰਾਂ ਭਾਰ ਬੈਠ ਜਾਂਦਾ ਹੈ। ਬਾਕੀ ਬੱਚੇ ਕੋਲ ਬੈਠ ਕੇ ਮੁੱਠੀਆਂ ਬੰਦ ਕਰ ਕੇ ਇਕ ਦੂਜੇ ਉੱਤੇ ਰੱਖਦੇ ਹੋਏ ਇਕ ਮੀਨਾਰ ਜਿਹਾ ਖੜਾ ਕਰ ਲੈਂਦੇ ਹਨ। ਜਿਸ ਬੱਚੇ ਦੀਆਂ ਮੁੱਠੀਆਂ ਉਪਰ ਹੁੰਦੀਆਂ ਹਨ ਉਹ ਦਾਈ ਦੇਣ ਵਾਲੇ ਬੱਚੇ ਨੂੰ ਪੁੱਛਦਾ ਹੈ– 

       ਭੰਡਾ ਭੰਡਾਰੀਆ ਕਿਤਨਾ ਕੁ ਭਾਰ ?

   ਅਗੋਂ ਦਾਈ ਦੇਣ ਵਾਲਾ ਬੱਚਾ ਉੱਤਰ ਦਿੰਦਾ ਹੈ– 

      ਇਕ ਮੁੱਠੀ ਚੁੱਕ ਲੈ ਦੂਜੀ ਤਿਆਰ। 

ਫਿਰ ਉਹ ਬੱਚਾ ਆਪਣੀ ਮੁੱਠੀ ਚੁੱਕ ਲੈਂਦਾ ਹੈ। ਇਸ ਤਰ੍ਹਾਂ ਸਾਰੇ ਬੱਚੇ ਉਪਰੋਕਤ ਸਤਰਾਂ ਦੁਹਰਾਈ ਜਾਂਦੇ ਹਨ ਅਤੇ ਮੁੱਠੀਆਂ ਚੁੱਕਦੇ ਜਾਂਦੇ ਹਨ। ਅਖ਼ੀਰਲਾ ਬੱਚਾ ਮੁੱਠੀ ਚੁੱਕਣ ਲੱਗਿਆਂ ਮੁੱਠੀ ਚੁੱਕਣ ਤੋਂ ਬਾਅਦ ਦਾਈ ਦੇਣ ਵਾਲੇ ਬੱਚੇ ਨੂੰ ਥੱਪੜ ਮਾਰ ਜਾਂਦਾ ਹੈ ਅਤੇ ਫਿਰ ਸਾਰੇ ਬੱਚੇ ਦੌੜ ਜਾਂਦੇ ਹਨ। ਦਾਈ ਦੇਣ ਵਾਲਾ ਬੱਚਾ ਉਨ੍ਹਾਂ ਦੇ ਮਗਰ ਭੱਜਦਾ ਹੈ ਅਤੇ ਜਿਸ ਬੱਚੇ ਨੂੰ ਉਹ ਛੁਹ ਲਏ ਜਾਂ ਫੜ ਲਏ, ਦਾਈ ਉਸ ਸਿਰ ਆ ਜਾਂਦੀ ਹੈ ਅਤੇ ਖੇਡ ਫਿਰ ਪਹਿਲਾਂ ਦੀ ਤਰ੍ਹਾਂ ਹੀ ਚਲਦੀ ਰਹਿੰਦੀ ਹੈ।

ਕਈ ਵੇਰ ਇਸ ਖੇਡ ਵਿਚ ਇਕ ਹੋਰ ਵਾਧਾ ਵੀ ਕਰ ਲਿਆ ਜਾਂਦਾ ਹੈ। ਦਾਈ ਦੇਣ ਵਾਲੇ ਬੱਚੇ ਨੂੰ ਬਾਕੀ ਬੱਚੇ ਪੁੱਛਦੇ ਹਨ-‘ਧੁੱਪ ਲੈਣੀ ਹੈ ਕਿ ਛਾਂ?’ ਜਾਂ ‘ਊਚ ਮੰਗੀ ਕਿ ਨੀਚ’ ਦਾਈ ਦੇਣ ਵਾਲਾ ਬੱਚਾ ਜੇਕਰ ਧੁੱਪ ਜਾਂ ਊਚ ਮੰਗ ਲਏ ਤਾਂ ਉਹ ਕੇਵਲ ਧੁੱਪੇ ਜਾਂ ਉੱਚੀ ਥਾਂ ਤੇ ਖੜੇ ਬੱਚੇ ਹੀ ਫੜ ਸਕਦਾ ਹੈ, ਛਾਂ ਵਾਲੇ ਜਾਂ ਨੀਵੇਂ ਖੜੇ ਨਹੀਂ। ਜੇਕਰ ਇਹ ਬੱਚਾ ਛਾਂ ਜਾਂ ਨੀਚ ਮੰਗ ਲਏ ਤਾਂ ਇਸ ਤੋਂ ਉਲਟ ਹੁੰਦਾ ਹੈ। ਦਾਈ ਦੇਣ ਵਾਲੇ ਬੱਚੇ ਨੂੰ ਚਿੜਾਉਣ ਲਈ ਬਾਕੀ ਬੱਚੇ ਜਾਣ ਬੁਝ ਕੇ ਉਸ ਦੇ ਮੰਗੇ ਹੋਏ ਇਲਾਕੇ ਵਿਚ ਉਛਲਦੇ ਕੁੱਦਦੇ ਹਨ ਤੇ ਕਹਿੰਦੇ ਹਨ–

ਬਾਬਾ ਤੇਰੀਆਂ ਊਚਾਂ/ ਨੀਚਾਂ ਤੇ ਰੋਟੀਆਂ ਪਕਾਂਦੇ।

ਦਾਈ ਦੇਣ ਵਾਲਾ ਬੱਚਾ ਇਨ੍ਹਾਂ ਨੂੰ ਫੜਨ ਦਾ ਯਤਨ ਕਰਦਾ ਹੈ ਪਰ ਉਸ ਦੇ ਨੇੜੇ ਆਉਂਦਿਆਂ ਹੀ ਇਹ ਆਪਣੇ ਇਲਾਕੇ ਵਿਚ ਪਹੁੰਚ ਜਾਂਦੇ ਹਨ। ਇਸੇ ਦੌੜ ਕੁੱਦ ਵਿਚ ਕੋਈ ਬੱਚਾ ਪਕੜਿਆ ਜਾਂਦਾ ਹੈ ਅਤੇ ਦਾਈ ਉਸ ਸਿਰ ਆ ਜਾਂਦੀ ਹੈ।

ਇਸ ਤਰ੍ਹਾਂ ਇਹ ਖੇਡ ਚਲਦੀ ਰਹਿੰਦੀ ਹੈ।

ਇਹ ਖੇਡ ਗ੍ਰਹਿਸਥੀ ਜੀਵਨ ਦੇ ਬੋਝ ਵੱਲ ਵੀ ਸੰਕੇਤ ਕਰਦੀ ਹੈ–

  ਭੰਡਾ ਭੰਡਾਰੀਆ ਕਿਤਨਾ ਕੁ ਭਾਰ ?

  ਇਕ ਪੰਡ ਚੁੱਕ ਲੈ ਦੂਜੀ ਤਿਆਰ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-09-53-42, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਵਿ. ਕੋ. ; ਪੰ. ਲੋ. ਖੋ. -ਮਾਦਪੁਰੀ; ਪੰ. -ਰੰਧਾਵਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.